ਦੋ ਸ਼ਬਦ ਲੇਖਕ ਵੱਲ -:
ਵਿਹੜਿਆਂ ਦੀ ਜੂਨ ਬਾਰੇ ਕਹਾਣੀਆਂ ਮੈਂ ਨਿੱਠ ਕੇ ਲਿਖੀਆਂ ਹਨ ਤੇ ਲਿਖੀਆਂ ਵੀ ਜੀਅ-ਜਾਨ ਨਾਲ ਨੇ | ਵਿਹੜਿਆਂ ਦਾ ਜੰਮਪਲ ਹੋਣ ਕਰਕੇ ਵਿਹੜਿਆਂ ਦੀਆਂ ਤੰਗ ਤੇ ਗੰਦੀਆਂ ਗਲੀਆਂ ਦਾ ਯਥਾਰਥ ਤਨ ‘ਤੇ ਹੰਢਾਇਆ ਹੋਣ ਕਰਕੇ ਉਸਦੀ ਪੀੜਾ ਤੇ ਸੰਤਾਪ ਮੈਂ ਵਧੇਰੇ ਮਹਿਸੂਸ ਕਰ ਸਕਦਾ ਹਾਂ | ਕਿਸੇ ਹਾਦਸੇ ਦੇ ਸ਼ਿਕਾਰ ਹੋਏ ਵਿਅਕਤੀ ਨੂੰ ਵੱਜੀਆਂ ਸੱਟਾਂ ਦੀ ਪੀੜ ਵਿਚਲੀ ਸ਼ਿੱਦਤ ਦਾ ਵਧੇਰੇ ਅਨੁਭਵ ਹੁੰਦਾ ਹੈ | ਕੋਈ ਰਾਹ ਗੁਜ਼ਰ ਪੀੜਤ ਮਨੁੱਖ ਦੇ ਚਿਹਰੇ ਦੇ ਹਾਵ-ਭਾਵ ਅਤੇ ਅੰਗਾਂ ਦੀ ਹਿਲਜੁਲ ਵੇਖ ਕੇ ਵੀ ਪੀੜ ਦਾ ਅਨੁਭਵ ਕਰ ਸਕਦਾ ਹੈ ਪਰ ਇਹ ਅਨੁਭਵ ਪੀੜਤ ਵਿਅਕਤੀ ਦੇ ਅਨੁਭਵ ਨਾਲੋਂ ਵੱਖਰੀ ਕਿਸਮ ਦਾ ਸਤਹੀ ਪੱਧਰ ਦਾ ਹੋਵੇਗਾ ਭਾਵੇਂ ਕਿ ਦਰਸ਼ਕ ਵਿਅਕਤੀ ਦੇ ਅਨੁਭਵ ਦੀ ਇਮਾਨਦਾਰੀ ‘ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ | ਜਦੋਂ ਲੇਖਕਾਂ ਨੂੰ ਇਹ ਕਹਿੰਦੇ ਸੁਣੀਂਦਾ ਹੈ ਕਿ ਜ਼ਰੂਰੀ ਨਹੀਂ ਦਲਿਤ ਪੀੜਾ ਨੂੰ ਦਲਿਤ ਹੀ ਵਧੇਰੇ ਸ਼ਿੱਦਤ ਤੇ ਪੁਖਤਗੀ ਨਾਲ ਬਿਆਨ ਕਰ ਸਕਦਾ ਹੈ ਤਾਂ ਇਸ ਵਿਚ ਉਨ੍ਹਾਂ ਦੀ ਇੱਕ ਪਾਸੜ ਪਹੁੰਚ ਜਾਂ ਹਊਮੈ ਜਾਂ ਕਿਸੇ ਪੁਖਤਾ ਲੇਖਕ ਬਾਰੇ ਈਰਖਾ ਦਾ ਦਖ਼ਲ ਹੁੰਦਾ ਹੈ |