ਰੂਸੀ ਇਨਕਲਾਬੀ ਨਾਵਲ ‘ਸੂਰਮੇ ਦੀ ਸਿਰਜਣਾ’ ਦਾ ਯੋਧਾ ਨਾਇਕ ਸਾਡੇ ਸਾਮ੍ਹਣੇ ਹੈ | ਉਹ ਹਮੇਸ਼ਾ ਹੀ ਸਾਡੀ ਇਨ੍ਹਾਂ ਸ਼ਬਦਾਂ ਨਾਲ਼ ਅਗਵਾਈ ਕਰਦਾ ਜਾਪਦਾ ਹੈ-”ਮਨੁੱਖ ਦੀ ਸਭ ਤੋਂ ਪਿਆਰੀ ਅਤੇ ਦੁਰਲੱਭ ਸ਼ੈਅ ਉਸਦਾ ਜੀਵਨ ਹੈ, ਜੋ ਉਸ ਨੂੰ ਸਿਰਫ਼ ਇਕ ਵਾਰ ਮਿਲ਼ਦਾ ਹੈ | ਉਹ ਜੀਵੇ ਜ਼ਰੂਰ ਜੀਵੇ ਤੇ ਇਉਂ ਜੀਵੇ ਕਿ ਬਰਬਾਦ ਕੀਤੇ ਸਾਲਾਂ ਦਾ ਦੁਖਦਾਈ ਪਛਤਾਵਾ ਉਸਦੇ ਨੇੜੇ ਨਾ ਢੁੱਕੇ, ਨਿਗੂਣੇ ਬੀਤੇ ਦੇ ਅਹਿਸਾਸ ਦੀ ਲੂੰਹਦੀ ਸ਼ਰਮਿੰਦਗੀ ਕਦੇ ਵੀ ਉਸ ਦੇ ਕਰੀਬ ਨਾ ਆਵੇ | ਮਨੱੁਖ ਇਉਂ ਜੀਵੇ ਕਿ ਅੰਤਲਾ ਸਾਹ ਭਰਨ ਸਮੇਂ ਉਹ ਕਹਿ ਸਕੇ ਕਿ ਮੇਰਾ ਸਾਰਾ ਹੀ ਜੀਵਨ, ਮੇਰੀ ਸਾਰੀ ਤਾਕਤ, ਦੁਨੀਆਂ ਦੇ ਸਭ ਤੋਂ ਚੰਗੇ ਆਦਰਸ਼- ਮਨੁੱਖਤਾ ਦੀ ਆਜ਼ਾਦੀ ਲਈ ਘੋਲ਼- ਦੇ ਲੇਖੇ ਲੱਗੀ ਹੈ |”
ਮੈਂ ਆਪਣੇ ਸਾਥੀਆਂ ਦੇ ਅੰਗ ਸੰਗ ਹੋ ਕੇ ਜਿਉਣ ਨਾਲ਼ ਹੀ ਕੁੱਝ ਹਾਂ ਜੋ ਵੀ ਹਾਂ | ਕਲਮ ਦਾ ਸਾਥ ਵੀ ਕਿਸੇ ਭਗਤੀ ਨਾਲ਼ੋਂ ਘੱਟ ਨਹੀਂ ਹੈ | ਗੁਰੂ ਨਾਨਕ ਤਾਂ ਖ਼ੁਦ ਹੀ ਧੰਨ ਲਿਖਾਰੀ ਸਨ ਜੋ ਇਕ ਉμਚ ਕੋਟੀ ਦੇ ਲਿਖਾਰੀ ਗੁਰੂ ਸਨ | ਗੁਰੂ ਗੋਬਿੰਦ ਸਿੰਘ ਨੇ ਵੀ ਸਾਡੀ ਮਾਲਵੇ ਦੀ ਧਰਤੀ ‘ਤੇ ਕਲਮਾਂ ਗੱਡ ਕੇ ਇਸ ਧਰਤੀ ਨੂੰ ਕਾਂਸ਼ੀ ਦਾ ਰੁਤਬਾ ਬਖ਼ਸ਼ਿਆ ਸੀ | ਇਹ ਕੁੱਝ ਜੇ ਮੇਰਾ ਪ੍ਰੇਰਨਾ ਸਰੋਤ ਬਣ ਜਾਵੇ ਤਾਂ ਸ਼ਾਇਦ ਮੇਰੀ ਕਾਇਆ ਦਾ ਰੂਪ ਨਿੱਖਰ ਜਾਏ | ਬੱਸ ਮਨ ਮੇਰੇ ਜਿੰਨਾ ਕੁ ਲੁਕਾਈ ਦਾ ਸੱਚ ਹੈ ਲਿਖ ਅਤੇ ਦੁਨੀਆਂ ਭਰ ਦਾ ਜ਼ਹਿਰ ਵੀ ਜੇ ਤੈਨੂੰ ਪੀਣਾ ਪਵੇ ਤਾਂ ਪੀ |
ਇਹ ਸਮਝ ਕੇ ਹੀ ਕਿ ਤੜਪ ਤਾਂ ਕਿਸੇ ਗੁਰੂ ਨਾਨਕ ਜਾਂ ਗੁਰੂ ਗੋਬਿੰਦ ਸਿੰਘ ਨੂੰ ਹੁੰਦੀ ਹੈ | ਭਗਤ ਸਰਾਭੇ ਨੂੰ ਹੁੰਦੀ ਹੈ | ਬਾਬਾ ਨਾਨਕ ਬਾਬਰ ਦੀਆਂ ਚੱਕੀਆਂ ਪੀਂਹਦਾ ਹੈ | ਗੁਰੂ ਗੋਬਿੰਦ ਸਿੰਘ ਰਾਜਸ਼ਾਹੀ ਦੇ ਖਿਲਾਫ਼ ਤੇਗ ਉਠਾਉਂਦਾ ਹੈ ਤੇ ਸਰਬੰਸ ਦਾਨੀ ਦਾ ਰੁਤਬਾ ਅਖ਼ਤਿਆਰ ਕਰਦਾ ਹੈ | ਭਗਤ–ਸਰਾਭੇ ਕੌਮੀ ਅਣਖ ਦੀ ਖ਼ਾਤਰ ਖਾਣ–ਹੰਢਾਉਣ ਦੀ ਉਮਰੇ ਹੱਸ–ਹੱਸ ਕੇ ਫਾਂਸੀ ਦੇ ਰੱਸੇ ਚੁੰਮ ਜਾਂਦੇ ਹਨ |
ਮੈਨੂੰ ਜਾਪਦਾ ਹੈ ਕਿ ਲਹਿਰਾਂ ਹੀ ਮਨੁੱਖੀ ਚਰਿੱਤਰ ਦਾ ਨਿਰਮਾਣ ਕਰਦੀਆਂ ਹਨ | ਲਹਿਰ ਤੋਂ ਵਿਗੁੱਚਿਆ ਬੰਦਾ ਉਸ ਕਾਸੇ ਨੂੰ ਹੀ ਮੂੰਹ ਮਾਰੇਗਾ ਜੋ ਉਸ ਦੇ ਆਲ਼ੇ ਦੁਆਲ਼ੇ ਨੇ ਉਸ ਦੇ ਸਾਮ੍ਹਣੇ ਪਰੋਸਿਆ ਹੈ | ਲਹਿਰ ਵਿਚ ਪਿਆ ਵਿਅਕਤੀ ਹਮੇਸ਼ਾ ਹੀ ਸੁਗੰਧੀਆਂ ਦਾ ਪਾਂਧੀ ਬਣਦਾ ਹੈ | ਉਸ ਨੂੰ ਆਪਣੇ ਅੰਦਰ ਝਾਤੀ ਮਾਰਨ ਦਾ ਵਧੇਰੇ ਮੌਕਾ ਮਿਲ਼ਣ ਕਰਕੇ ਉਹ ਆਪਣੇ ਅੰਦਰ ਫੁਟਦੀਆਂ ਕੰਡਿਆਲੀਆਂ ਝਾੜੀਆਂ ਨੂੰ ਛਾਂਗਦਾ ਰਹਿੰਦਾ ਹੈ ਤੇ ਹਰ ਸੁਗੰਧਤ ਫੁੱਲ ਨੂੰ ਆਪਣੇ ਜ਼ਿਹਨ ਦਾ ਹਿੱਸਾ ਬਣਾਉਣ ਦਾ ਯਤਨ ਕਰਦਾ ਰਹਿੰਦਾ ਹੈ | ਲਹਿਰ ਦੇ ਉਤਰਾਅ ਵਿਚ ਬਹੁਤ ਕੁੱਝ ਅਜਿਹਾ ਹੋ ਸਕਦਾ ਹੈ ਜੋ ਸ਼ਾਇਦ ਸਾਡੇ ਬਹੁਤ ਸਾਰੇ ਲੋਕਾਂ ਨੂੰ ਨਾ ਪਚੇ | ਲੋਕਾਂ ਦੀ ਹੱਕੀ ਜੰਗ ਦੇ ਮੈਦਾਨ ਵਿਚ ਜੂਝਦੇ ਨਾਇਕ ਹੀ ਸਾਡਾ ਪੇ੍ਰਰਨਾ ਸਰੋਤ ਬਣਨ ਤੇ ਜ਼ਿੰਦਗੀ ਦਾ ਇਹ ਮਾਰਗ ਵੀ ਇਕ ਤਰ੍ਹਾਂ ਦੀ ਜੰਗ ਹੀ ਹੈ | ਅਤਰਜੀਤ ਜੰਗ ਲੜ, ਛੂਆ ਛੂਤ ਦੇ ਵਿਰੁੱਧ, ਲੁਟੇਰੇ ਤੰਤਰ ਦੇ ਵਿਰੁੱਧ, ਆਪਣੀ ਕਲਮ ਦੀ ਤਲਵਾਰ ਨੂੰ ਸਾਣ ‘ਤੇ ਲਾ | ਤੇਰੇ ਲੋਕ ਨਿਰਾ ਦਲਿੱਦਰ ਵਿੱਚ ਜੀਅ ਰਹੇ ਨੇ | ਇਸ ਉਤਪੀੜਨ ਦਾ ਹੱਲ ਲੱਭਣ ਦਾ ਯਤਨ ਕਰਦੀਆਂ ਧਿਰਾਂ ਦਾ ਸਾਥੀ ਬਣਿਆਂ ਹੀ ਸਮਾਜ ਦੇ ਮੱਥੇ ਤੋਂ ਇਹ ਕਲੰਕ ਧੋਤਾ ਜਾ ਸਕਦਾ ਹੈ | ਤੁਰੀ ਚੱਲ ਜਿੰਦੇ |
ਅਤਰਜੀਤ